Welcome to homepage
ਮਾਂ ਬੋਲੀ ਪੰਜਾਬੀ ਦੀ ਬੱਲੇ-ਬੱਲੇ
ਕਦੇ ਵਿਸਰ ਨਾ ਜਾਵੇ ਪੰਜਾਬੀ ਮਾਂ ਬੋਲੀ 'ਸ਼ਾਨੇ-ਏ-ਪੰਜਾਬ'
ਪੰਜਾਬ ਜਾਂ ਪੰਜਾਬੀਆਂ ਦੀ ਜਦ ਵੀ ਗੱਲ ਹੁੰਦੀ ਹੈ ਤਾਂ ਜ਼ਿਕਰ ਹੁੰਦਾ ਹੈ ਕਿ ਪੰਜਾਬੀ ਹਮੇਸ਼ਾ ਚੜ੍ਹਦੀਕਲਾ 'ਚ ਰਹਿੰਦੇ ਹਨ.ਪੰਜਾਬੀਆਂ ਬਾਰੇ ਗੱਲ ਹੁੰਦੀ ਹੈ ਤਾਂ ਜ਼ਿਕਰ ਹੁੰਦਾ ਹੈ, ਉਨ੍ਹਾਂ ਦੀ ਖੁਰਾਕ, ਹੱਡ ਤੋੜਵੀਂ ਮਿਹਨਤ, ਪਿਆਰ, ਸਾਦਗੀ ਨਾਲ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨ ਦੀ. ਉਨ੍ਹਾਂ ਦੁਆਰਾ ਸਾਦਗੀ ਨਾਲ ਬੋਲੀ ਜਾਂਦੀ 'ਪੰਜਾਬੀ ਮਾਂ ਬੋਲੀ' ਤਾਂ ਉਨ੍ਹਾਂ ਦਾ ਕੱਦ ਹੋਰ ਵੀ ਉੱਚਾ ਕਰ ਦਿੰਦੀ ਹੈ.
ਪੰਜਾਬੀ ਦੇ ਮਿੱਠੇ ਚਾਰ ਬੋਲ ਹੀ ਸਾਲਾਂ ਤੋਂ ਪਏ ਗਿਲੇ,ਸ਼ਿਕਵਿਆਂ ਨੂੰ ਦੂਰ ਕਰ ਦਿੰਦੇ ਹਨ.ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਹੈ.ਜੇ ਕਿਤੇ ਪੰਜਾਬੀ ਜਾ ਕੇ ਵੱਸ ਜਾਣ ਤਾਂ ਉੱਥੇ ਹੀ ਮਿੰਨੀ ਪੰਜਾਬ ਬਣਾ ਦਿੰਦੇ ਹਨ.ਲੋਕ ਤਾਂ ਉਨ੍ਹਾਂ ਨੂੰ ਦੂਰੋਂ ਹੀ ਪਹਿਚਾਣ ਲੈਂਦੇ ਹਨ ਕਿ ਇਹ ਤਾਂ ਪੰਜਾਬੀ ਹੀ ਹੋ ਸਕਦੇ ਹਨ.ਜਿੱਥੇ-ਜਿੱਥੇ ਵੀ ਪੰਜਾਬੀ ਜਾ ਕੇ ਵੱਸੇ ਹਨ, ਉੱਥੇ ਹੀ ਪੰਜਾਬੀ ਸਾਹਿਤ, ਸੱਭਿਆਚਾਰ ਨੂੰ ਫੈਲਾਇਆ ਹੈ.
ਜਿਉਂ-ਜਿਉਂ ਜ਼ਮਾਨਾ ਬਦਲਦਾ ਜਾ ਰਿਹਾ ਹੈ ਤਾਂ ਪੰਜਾਬ 'ਚ ਪੰਜਾਬੀਆਂ ਦੁਆਰਾ ਅੰਗਰੇਜ਼ੀ,ਹਿੰਦੀ ਜਾਂ ਹੋਰ ਭਾਸ਼ਾਵਾਂ ਨੂੰ ਸਿੱਖਣ ਦੀ ਲੱਗੀ ਹੋੜ ਵਿੱਚ ਪੰਜਾਬੀ ਵਿਰਾਸਤ 'ਚੋਂ ਮਿਲੀ ਆਪਣੀ ਪਿਆਰੀ ਮਾਂ ਬੋਲੀ ਨੂੰ ਮਨੋਂ ਵਿਸਾਰਦੇ ਜਾ ਰਹੇ ਹਨ,ਜੋ ਕਿ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ.ਹਾਂ, ਫ਼ਿਰ ਵੀ ਚਾਹੇ ਕੁੱਝ ਵੀ ਹੋ ਜਾਵੇ ਪਰ ਪੰਜਾਬੀਆਂ ਦੇ ਖਾਣ-ਪਾਣ,ਖੁਲ੍ਹੇ ਡੁੱਲ੍ਹੇ ਮਾਹੌਲ ਨਾਲ ਉਨ੍ਹਾਂ ਦਾ ਉਂਝ ਹੀ ਪਤਾ ਲੱਗ ਜਾਂਦਾ ਹੈ.
ਸ਼ਾਨ-ਏ-ਪੰਜਾਬ ਦੁਆਰਾ ਤੁਹਾਡੇ ਸਨਮੁੱਖ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ.ਦੇਸ਼ ਵਿੱਚ ਚਾਹੇ ਹਿੰਦੀ ਤੇ ਅੰਗਰੇਜ਼ੀ ਕਾਫ਼ੀ ਪ੍ਰਚਲਿਤ ਹੈ ਪਰ ਪੰਜਾਬੀ ਭਾਸ਼ਾ ਵੀ ਕਿਸੇ ਨਾਲੋਂ ਘੱਟ ਨਹੀਂ.ਮੈਂ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਵਾਸੀਆਂ ਨੂੰ ਅੰਗਰੇਜ਼ੀ,ਹਿੰਦੀ ਜਾਂ ਹੋਰ ਭਾਸ਼ਾਵਾਂ ਨਹੀਂ ਸਿੱਖਣੀਆਂ ਚਾਹੀਦੀਆਂ ਸਗੋਂ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ ਕਰ ਰਿਹਾ ਹਾਂ ਕਿ ਪੰਜਾਬ ਤੇ ਪੰਜਾਬ ਤੋਂ ਬਾਹਰ ਰਹਿੰਦੇ ਹਰ ਪੰਜਾਬੀ ਨੂੰ ਇਨ੍ਹਾਂ ਭਾਸ਼ਾਵਾਂ ਨੂੰ ਅਪਨਾਉਣ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੋਰ ਉੱਚਾ ਚੁੱਕਣ ਦਾ ਉਪਰਾਲਾ ਕਰਨਾ ਚਾਹੀਦਾ ਹੈ.
ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਕਿਸੇ ਨੇ ਤੁਹਾਨੂੰ ਕੋਈ ਗਾਲ ਕੱਢਣੀ ਹੋਵੇ ਤਾਂ ਉਹ ਥੋੜੇ ਜਿਹੇ ਸ਼ਬਦਾਂ 'ਚ ਹੀ ਬਹੁਤ ਵੱਡੀ ਗਾਲ ਕੱਢ ਜਾਂਦਾ ਹੈ ਜਦ ਉਹ ਕਹਿੰਦਾ ਹੈ ਕਿ 'ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ. ਇਹ ਹੈ ਵੀ ਸੱਚ ਕਿ ਜੇਕਰ ਮਨੁੱਖ ਨੂੰ ਉਸ ਦੀ ਆਪਣੀ ਵਿਰਾਸਤ (ਵਿਰਸੇ) 'ਚ ਮਿਲੀ ਬੋਲੀ ਹੀ ਭੁੱਲ ਗਈ ਤਾਂ ਉਹ ਜ਼ਿੰਦਗੀ 'ਚ ਕੀ ਕਰੇਗਾ. ਉਹ ਨਾ ਤਾਂ ਘਰ ਦਾ ਰਹੇਗਾ ਤੇ ਨਾ ਘਾਟ ਦਾ.
ਹਿੰਦੀ ਦੇ ਵੀ ਇੱਕ ਪ੍ਰਸਿੱਧ ਕਵੀ ਭਾਰਤੇਂਦੂਜੀ ਨੇ ਕਵਿਤਾ 'ਚ ਕਿਹਾ ਹੈ ਕਿ
'ਨਿੱਜ ਭਾਸ਼ਾ ਉੱਨਤ ਅਹੈ,ਸਭ ਉੱਨਤ ਕੋ ਮੂਲ'
'ਬਿਨ ਨਿੱਜ ਭਾਸ਼ਾ ਆਨ ਕੈ, ਮਿਟੇ ਨਾ ਹਿਯਰੇ ਸੂਲ'
ਉਹ ਵੀ ਕਹਿੰਦੇ ਹਨ ਕਿ ਜੇਕਰ ਕਿਸੇ ਮਨੁੱਖ ਦੁਆਰਾ ਦੂਜੀਆਂ ਚਾਹੇ ਸੋ ਭਾਸ਼ਾਵਾਂ ਹੀ ਸਿੱਖ ਲਈਆਂ ਜਾਣ ਪਰ ਜੇਕਰ ਉਸ ਨੇ ਆਪਣੀ ਨਿੱਜੀ ਭਾਸ਼ਾ,ਘਰੇਲੂ ਭਾਸ਼ਾ ਨੂੰ ਹੀ ਵਿਸਾਰ ਦਿੱਤਾ ਤਾਂ ਉਹ ਉਨ੍ਹਾਂ ਸੋ ਭਾਸ਼ਾਵਾਂ ਨੂੰ ਵੀ ਜਾਣ ਕੇ ਅਣਜਾਣ ਹੈ ਕਿਉਂਕਿ ਆਪਣੀ ਭਾਸ਼ਾ ਤੋਂ ਹੀਨ ਬੰਦਾ ਸਭ ਕੁੱਝ ਤੋਂ ਹੀ ਹੀਣ ਹੋ ਜਾਂਦਾ ਹੈ.ਉਹ ਆਪਣੇ ਸਮਾਜ ਵਿੱਚ ਰਹਿਣ ਜੋਗਾ ਨਹੀਂ ਰਹਿੰਦਾ.
ਇਸੇ ਲਈ ਸ਼ਾਨੇ-ਏ-ਪੰਜਾਬ ਸਾਈਟ ਦੁਆਰਾ ਵੀ ਇਹ ਇੱਕ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਉਠਾਉਣ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਲਈ ਨਿਮਾਣਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ,ਜਿਸ ਵਿੱਚ ਤੁਹਾਨੂੰ ਪੰਜਾਬ ਦੇ ਵਿਰਸੇ ਨਾਲ ਜੁੜੇ ਫੀਚਰ,ਨਿਊਜ਼ ਸਟੋਰੀ, ਆਰਟੀਕਲ ਅਤੇ ਕਵਿਤਾਵਾਂ ਪੜ੍ਹਨ ਨੂੰ ਮਿਲਣਗੀਆਂ.'ਪੰਜਾਬੀ ਮਾਂ ਬੋਲੀ' ਨੂੰ ਉੱਚਾ ਚੁੱਕਣ ਲਈ ਪੰਜਾਬੀ ਸੇਵਾਦਾਰ 'ਹਰਕ੍ਰਿਸ਼ਨ ਸ਼ਰਮਾਂ' ਵੱਲੋਂ ਕੀਤੇ ਜਾ ਰਹੇ ਉਪਰਾਲੇ ਵਿੱਚ ਯੋਗਦਾਨ ਪਾਉਣ ਲਈ 'www.shan-e-punjab.50megs.com ਤੇ ਜਾਓ ਅਤੇ ਆਪਣੇ ਵਿਚਾਰ ਭੇਜੋ.
ਹਰਕ੍ਰਿਸ਼ਨ ਸ਼ਰਮਾਂ
098939-33321
ਚੱਲ ਬਾਈ ਇੰਦੌਰ ਚੱਲੀਏ
ਜ਼ਿੰਦਗੀ ਦਾ ਸੰਘਰਸ਼
ਹਰ ਦਿਨ ਜੇਕਰ ਕੋਈ ਨਵਾਂ ਸੰਘਰਸ਼ ਵਿੱਢਣ ਜਾਂ ਤਾਜ਼ਾ ਖਬਰਾਂ ਦਾ ਪਤਾ ਲਗਾਉਣ ਦਾ ਖੇਤਰ ਹੈ ਤਾਂ ਉਹ ਹੈ, ਪੱਤਰਕਾਰੀ ਦਾ ਖੇਤਰ.ਉੱਬੜ-ਖਾਬੜ, ਉਤਰਾਅ- ਚੜਾਅ ਤੇ ਮੁਸ਼ਕਿਲਾ ਨਾਲ ਭਰੇ ਖੇਤਰ ਨੂੰ ਕਿਹਾ ਜਾਂਦਾਂ ਹੈ ਪੱਤਰਕਾਰੀ ਦਾ ਖੇਤਰ.ਜਦੋਂ ਵੀ ਕੋਈ ਟੀ.ਵੀ ਤੇ ਇੱਕ ਪੱਤਰਕਾਰ ਨੂੰ ਸਪਾਟ 'ਤੇ ਕਵਰੇਜ਼ ਕਰਦਿਆਂ ਦੇਖਦਾਂ ਹੈ ਤਾਂ ਹਰ ਕਿਸੇ ਦਾ ਦਿਲ ਮਚਲਦਾ ਹੈ ਕਿ ਕਾਸ਼ ਮੈਂ ਵੀ ਇੱਕ ਪੱਤਰਕਾਰ ਹੁੰਦਾ.
ਹਾਂ,ਇਹ ਹੈ ਵੀ ਸੱਚ ਕਿ ਪੱਤਰਕਾਰੀ ਦਾ ਕਿੱਤਾ ਇੱਕ ਬੜਾ ਹੀ ਦਿਲਚਸਪ ਅਤੇ ਰੁਝੇਵਿਆਂ ਭਰਿਆ ਪੇਸ਼ਾ ਹੈ,ਜੋ ਵੀ ਇਸ ਪੇਸ਼ੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਸਭ ਕੁੱਝ ਭੁੱਲ ਕੇ ਪੂਰ੍ਹੀ ਤਰ੍ਹਾਂ ਕਿਤੇ 'ਚ ਖੁੱਭਣਾ ਪੈਂਦਾ ਹੈ ਤਾਂ ਮੁਸ਼ਕਿਲਾਂ ਦਾ ਸਫ਼ਰ ਤਹਿ ਕਰਦਿਆਂ ਫ਼ਿਰ ਕਿਤੇ ਜਾ ਕੇ ਪਤਾ ਨਹੀਂ ਕਿੰਨੇ ਸਮੇਂ ਤੱਕ ਉਹ ਟੱਕਰਾਂ ਖਾ ਕੇ ਆਪਣੇ ਇਸ ਪੱਤਰਕਾਰੀ ਦੇ ਖੇਤਰ 'ਚ ਇੱਕ ਚੰਗਾ ਪੱਤਰਕਾਰ ਬਣਦਾ ਹੈ.
ਹਾ, ਮੈਂ ਵੀ ਛੋਟਾ ਹੁੰਦਾ ਟੀ.ਵੀ ਤੇ ਪੱਤਰਕਾਰਾ ਨੂੰ ਖਬਰਾਂ ਦਿੰਦਿਆਂ ਸੁਣਦਾ,ਨਹੀਂ ਤਾਂ ਅਖਬਾਰਾਂ ਵਿੱਚ ਜਦ ਪੱਤਰਕਾਰਾਂ ਦੀਆਂ ਖਬਰਾਂ ਪ੍ਰਕਾਸ਼ਤ ਹੋਈਆਂ ਦੇਖਦਾ ਤਾਂ ਮੇਰਾ ਵੀ ਦਿਲ ਮਚਲਦਾ,ਉੱਡੂ-ਉੱਡੂ ਕਰਦਾ ਕਿ ਪ੍ਰਮਾਤਮਾ ਕਰੇ,ਕਾਸ਼ ਮੈਂ ਵੀ ਵੱਡਾ ਹੋ ਕੇ ਪੱਤਰਕਾਰ ਬਣ ਜਾਵਾਂ.ਉਸ ਸਮੇਂ ਜਦ ਆਪਣੇ ਸਟੇਡੀਅਮ (ਮੈਦਾਨ) 'ਚ ਕਦੇ ਸਾਡੇ ਮੁੱਕੇਬਾਜ਼ੀ ਦੇ ਟੂਰਨਾਮੈਂਟ ਜਾਂ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਤਾਂ ਪੱਤਰਕਾਰ ਮਿੰਟੋ-ਮਿੰਟੀ ਮੈਦਾਨ 'ਚ ਆਉਂਦੇ ਅਤੇ ਕੈਮਰਿਆਂ ਨਾਲ ਫੋਟੋਆਂ ਕਲਿੱਕ-ਕਲਿੱਕ ਕਰ ਲੈ ਜਾਂਦੇ ਤੇ ਸਵੇਰ ਨੂੰ ਅਖਬਾਰਾਂ 'ਚ ਛਾਪ ਦਿੰਦੇ.ਸਵੇਰੇ ਅਸੀਂ ਅਖਬਾਰ ਦੇਖਦੇ ਬਾਈ ਸ਼ਾਇਦ ਸਾਡੀ ਵੀ ਫੋਟੋ ਜਾਂ ਨਾਮ ਕੀ ਪਤਾ ਆ ਹੀ ਗਿਆ ਹੋਵੇ.
ਜਿਉਂ-ਜਿਉਂ ਮੈਂ ਪੜਦਾ ਤੇ ਖੇਡਦਾ ਵੱਡਾ ਹੁੰਦਾ ਗਿਆ ਤਾਂ ਪੱਤਰਕਾਰੀ ਦਾ ਖੇਤਰ ਹੋਰ ਵੀ ਜ਼ਿਆਦਾ ਮੈਨੂੰ ਆਪਣੇ ਵੱਲ ਆਕਰਸ਼ਤ ਕਰਦਾ ਗਿਆ ਪਰ ਖੇਡਦਿਆਂ-2 ਮੈਨੂੰ ਇੰਝ ਲੱਗਦਾ ਕਿ ਮੈਂ ਤਾਂ ਖੇਡਦਾ ਹੀ ਰਹਾਂਗਾ ਤੇ ਪੁਲਿਸ ਜਾਂ ਫੋਜ਼ 'ਚ ਭਰਤੀ ਹੋ ਕੇ ਹੀ ਕੰਮ ਕਰਾਂਗਾ ਕਿਉਂਕਿ ਮੈਂ ਪੜਦਾ ਘੱਟ ਤੇ ਖੇਡਣ ਵੱਲ ਜ਼ਿਆਦਾ ਭੱਜਦਾ.ਪਰ ਜਿਵੇਂ-2 ਮੈਂ ਜਮਾਤਾਂ ਪੜ੍ਹਦਾ ਗਿਆ ਤਾਂ ਕਿਤਾਬਾਂ ਦੀ ਜਗ੍ਹਾ ਰਾਤ ਨੂੰ ਅਖਬਾਰਾਂ ਹੀ ਪੜ੍ਹਨ ਲੱਗਿਆ.ਫ਼ਿਰ ਕਦੇ ਅਹਿਸਾਸ ਹੁੰਦਾ ਕਿ ਮੈਂ ਪੱਤਰਕਾਰ ਕਿਵੇਂ ਬਣ ਸਕਦਾ ਹਾਂ.
ਪੜ ਹੀ ਲਈਏ ਵਧੀਆ ਰਹਾਂਗੇ.ਜਦ ਤੱਕ ਬਾਰ੍ਹਵੀਂ 'ਚ ਪਹੁੰਚਿਆ ਤਾਂ ਥੋੜਾ ਬਹੁਤਾ ਲਿਖਣ ਦੀ ਕੋਸ਼ਿਸ ਕਰਿਆ ਕਰਦਾ ਪਰ ਜੇਕਰ ਕੁੱਝ ਲਿਖਦਾ ਤਾਂ ਫ਼ਿਰ ਇੰਝ ਲੱਗਦਾ,ਯਾਰ ਇਹ ਥੋੜਾ ਬਹੁਤਾ ਜੋ ਲਿਖਿਆ ਕਿਸੇ ਮੈਗਜ਼ੀਨ,ਅਖਬਾਰ ਵਿੱਚ ਪ੍ਰਕਾਸ਼ਤ ਹੋ ਜਾਵੇ ਪਰ ਬਹੁਤ ਮੱਥਾ ਖਪਾਈ ਕਰਦੇ ਪਰ ਕੋਈ ਨਾ ਛਾਪਣ ਨੂੰ ਤਿਆਰ ਹੁੰਦਾ.ਇੱਕ ਦਿਨ ਬੈਠਿਆਂ-2 ਦੋ ਮਿੰਨੀ ਕਹਾਣੀਆਂ ਲਿਖੀਆਂ,ਹੁਣ ਬਹੁਤ ਜੀਅ ਕੀਤਾ ਕਿ ਇਹ ਤਾਂ ਕਿਤੇ ਛੱਪ ਹੀ ਜਾਣ,ਇਸੇ ਹੀ ਸਮੇਂ ਪਿੰਡੋ ਮੇਰੇ ਚਾਚੇ ਦਾ ਮੁੰਡਾ ਵੀ ਆਇਆ ਸੀ.ਉਹ ਵੀ ਲਿਖਦਾ ਰਹਿੰਦਾ ਸੀ.ਬੜੀਆਂ ਰਾਤ ਨੂੰ ਬੈਠ ਕੇ ਜੁਗਤਾਂ ਬਣਾਈਆਂ ਪਰ ਵਾਹ ਕਿਤੇ ਨਾ ਚੱਲੀ,ਕਿਸੇ ਨੇ ਮੈਟਰ ਨਾ ਛਾਪਿਆ.
ਅਖਿਰ ਇੱਕ ਦਿਨ ਦਾਅ ਲੱਗਿਆ ਕਿ ਇੱਕ ਹਫ਼ਤਾਵਾਰੀ ਅਖਬਾਰ ਬਾਰੇ ਪਤਾ ਲੱਗਿਆ ਕਿ ਉੱਥੋਂ ਨਿਕਲਦਾ ਹੈ ਤਾਂ ਜਾ ਕੇ ਉੱਥੇ ਸੰਪਾਦਕ ਜੀ ਨੂੰ ਮਿਲੇ,ਸਰ,ਅਸੀਂ ਅਖਬਾਰ ਲਈ ਕੁੱਝ ਮੈਟਰ ਦੇਣਾ ਚਾਹੁੰਦੇ ਹਾਂ ਤਾਂ ਉਨ੍ਹਾ ਕਿਹਾ ਕਿ ਮੈਟਰ ਦਿਓ,ਲਗਾ ਦਿਆਂਗੇ.ਅਖਬਾਰ ਸੋਮਵਾਰ ਨੂੰ ਨਿਕਲਣਾ ਸੀ,ਇਧਰ ਦਿਲ ਬੜਾ ਉਤਾਵਲਾ ਸੀ ਕਿ ਕਦੋਂ ਸੋਮਵਾਰ ਆਵੇ ਅਤੇ ਆਪਣੇ ਨਾਮ ਸਮੇਤ ਕਹਾਣੀਆਂ ਪੜੀਏ.ਸੋਮਵਾਰ ਆਇਆ ,ਮੈਂ ਟੀਚਰਜ਼ ਹੋਮ 'ਚ ਸਵੇਰੇ ਹੀ ਗਿਆ ਪਰ ਉੱਥੋਂ ਪੁੱਛਿਆ ਤਾਂ ਦੱਸਿਆ ਕਿ ਅਖਬਾਰ ਤਾਂ ਬੁੱਧਵਾਰ ਨੂੰ ਆਵੇਗਾ,ਫ਼ਿਰ ਬੁੱਧਵਾਰ ਨੂੰ ਸ਼ਨੀਵਾਰ ਅਤੇ ਸ਼ਨੀਵਾਰ ਨੂੰ ਸੋਮਵਾਰ ਤੱਕ ਅਖਬਾਰ ਛੱਪਣ ਦਾ ਦਿਲਾਸਾ ਦਿੱਤਾ.ਹੁਣ ਲੱਗਿਆ ਕਿੱਥੇ ਛੱਪੇਗੀ ਸਾਡੀ ਕਹਾਣੀ ਮਨ ਉਦਾਸ ਸੀ ਕਿ ਸਾਰੇ ਹੀ ਲਾਰੇ ਲਾਉਂਦੇ ਨੇ.
ਅਖਿਰ ਅਗਲੇ ਸੋਮਵਾਰ ਨੂੰ ਅਖਬਾਰ ਨਿਕਲ ਹੀ ਗਿਆ ਤੇ ਮੇਰੀਆਂ ਕਹਾਣੀਆਂ ਵੀ 'ਹਰਕ੍ਰਿਸ਼ਨ ਹੈਪੀ' ਦੇ ਨਾਮ 'ਤੇ ਪ੍ਰਕਾਸ਼ਿਤ ਹੋਈਆਂ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਮੈਂ ਹਵਾ 'ਚ ਉੱਡ ਰਿਹਾ ਹੋਵਾਂ ਅਤੇ ਅਖਬਾਰ ਚੁੱਕ ਕੇ ਸਾਰੇ ਸ਼ਹਿਰ ਬਠਿੰਡਾ ਵਿੱਚ ਆਪਣੇ ਹਰ ਜਾਣੂ ਬੰਦੇ ਨੂੰ ਉਹ ਆਪਣੀਆਂ ਪ੍ਰਕਾਸ਼ਿਤ ਹੋਈਆਂ ਕਹਾਣੀਆਂ ਬਾਰੇ ਦੱਸਿਆ ਅਤੇ ਅਖਬਾਰ ਦਿਖਾਇਆ,ਪਰ ਹੋਂਸਲਾ ਘੱਟ ਹੀ ਮਿਲਿਆ.ਘੱਟ ਹੀ ਲੋਕਾਂ ਨੇ ਕਿਹਾ ਕਿ ਬਾਈ ਵਧੀਆ,ਜ਼ਿਆਦਾ ਤਰ ਇਹੀ ਕਹਿੰਦੇ,ਯਾਰ ਕਿਉਂ ਸਮਾਂ ਬਰਬਾਦ ਕਰਦਾ,ਇੱਕ ਹਫ਼ਤਾਵਾਰੀ ਅਖਬਾਰ 'ਚ ਮੱਥਾ ਖਪਾਈ ਕਰਕੇ ਪਰ ਸੋਚਿਆ ਕਿ ਲੋਕ ਤਾਂ ਕਹਿੰਦੇ ਹੀ ਰਹਿੰਦੇ ਨੇ,ਆਪਣਾ ਜਾਂਦਾ ਵੀ ਕੀ ਐ, ਕਰੀ ਚੱਲੋ,ਜੋ ਕੁੱਝ ਬਣੇਗਾ ਦੇਖਾਂਗੇ.
ਚੱਲੋ,ਦਿਨ ਗੁਜ਼ਰੇ ਹੁਣ ਅਜਿਹਾ ਲੱਗਿਆ ਬਾਈ ਹੁਣ ਤਾਂ ਸਾਡਾ ਲਿਖਿਆ ਮੈਟਰ ਛੱਪ ਹੀ ਜਾਇਆ ਕਰੇਗਾ.ਹਾਂ,ਅਖਬਾਰ ਦੇ ਸੰਪਾਦਕ ਨਰੇਸ਼ ਬਾਂਸਲ ਨੇ ਪੂਰ੍ਹਾ ਹੋਸਲਾ ਦਿੱਤਾ ਅਤੇ ਉਸ ਨੇ ਕਿਹਾ ਕਿ ਤੂੰ ਮੈਟਰ ਹੋਰ ਦਿਆ ਕਰ.ਆਸੇ ਪਾਸੇ ਤੋਂ ਖਬਰਾਂ ਲਿਆ ਕੇ ਦਿਆ ਕਰ.ਉਨ੍ਹੀ ਦਿਨੀਂ ਨਵਾਂ-ਨਵਾਂ ਕਾਲਜ 'ਚ ਬੀ.ਏ 1 'ਚ ਦਾਖਲਾ ਲਿਆ ਅਤੇ ਸਵੇਰੇ ਹੀ ਸਾਈਕਲ ਚੁੱਕਦਾ ਤੇ ਜਦ ਕਾਲਜ ਜਾਂਦਾ ਟੀਚਰਜ਼ ਹੋਮ 'ਚ ਬਣੇ ਸਾਡੇ ਦਫ਼ਤਰੋਂ ਅਖਬਾਰ ਵੀ ਕਾਲਜ ਲੈ ਜਾਂਦਾ ਅਤੇ ਆਪਣੀਆਂ ਪ੍ਰਕਾਸ਼ਤ ਖਬਰਾਂ ਦੋਸਤਾਂ,ਮਿੱਤਰਾਂ ਨੂੰ ਦਿਖਾਉਂਦਾ.ਕਈ ਤਾਂ ਖੁਸ਼ ਹੋ ਜਾਂਦੇ ਅਤੇ ਕਈ ਉਹੀ ਗੱਲ ਕਿ ਕਿਉਂ ਮੱਥਾ ਖਪਾਈ ਕਰੀ ਜਾਣਾ.ਮਨ ਫ਼ਿਰ ਕਈ ਵਾਰ ਡਗਮਗਾਇਆ ਪਰ ਹੌਂਸਲਾ ਜਿਹਾ ਕਰਕੇ ਕੰਮ 'ਚ ਲੱਗੇ ਰਹੇ.
ਕਾਲਜ ਤੋਂ ਆਉਂਦਿਆ ਇੰਝ ਹੁੰਦਾ,ਯਾਰ ਕੋਈ ਖਬਰ ਹੀ ਮਿਲ ਜਾਵੇ,ਖਬਰ ਕੋਈ ਇਨ੍ਹੀ ਬਨਾਉਣੀ ਵੀ ਨਹੀਂ ਸੀ ਆਉਂਦੀ.ਹਫ਼ਤੇ 'ਚ ਪੰਜ ਜਾਂ ਛੇ ਖਬਰਾਂ ਸੰਪਾਦਕ ਸਾਹਿਬ ਨੂੰ ਬਣਾ ਦਿੰਦਾ,ਛੱਪਦੀਆਂ ਵੀ.ਸੰਪਾਦਕ ਸਾਹਿਬ ਨੇ ਪ੍ਰੈਸ ਕਾਰਡ ਵੀ ਬਣਾ ਦਿੱਤਾ.ਫ਼ਿਰ ਲੱਗਿਆ ਹੁਣ ਤਾਂ ਸ਼ਾਇਦ ਗੱਡੀ ਰੁੱੜ ਹੀ ਪਵੇ.ਫ਼ਿਰ ਸੰਪਾਦਕ ਸਾਹਿਬ ਨੇ ਅਖਬਾਰ ਲਗਵਾਉਣ ਨੂੰ ਕਿਹਾ ਤਾਂ ਸ਼ੌਕ-ਸ਼ੌਕ 'ਚ ਉਹ ਹਫ਼ਤਾਵਾਰੀ ਅਖਬਾਰ ਹੀ ਲੋਕਾਂ ਦੇ ਕਰੀ ਲਗਵਾ ਦਿੱਤਾ ਕਿ ਬਾਈ ਲੋਕ ਮੇਰੀਆਂ ਖਬਰਾਂ ਪੜ੍ਹਨਗੇ ਅਤੇ ਸ਼ੋਕ ਸ਼ੋਕ 'ਚ ਸਵੇਰੇ ਅਖਬਾਰ ਚੁੱਕਦਾ ਸਾਈਕਲ 'ਤੇ ਜਾ ਕੇ ਲੋਕਾਂ ਦੇ ਘਰ ਵੀ ਸੁੱਟ ਆਉਂਦਾ.
ਮੇਰੇ ਅਖਬਾਰ 'ਚ ਛਪਿਆ ਮੇਰਾ ਨਾਮ ਹੀ ਮੇਰੇ ਹੋਂਸਲੇ ਬੁਲੰਦ ਕਰੀ ਰੱਖਦਾ ਪਰ ਘਰ ਵਾਲੇ ਵੀ ਕਹਿੰਦੇ ਕਿ ਨਾਮ ਨਾਲ ਹੀ ਕੁੱਝ ਨਹੀਂ ਬਣਦਾ.ਬਾਪੂ ਵੀ ਕਹਿੰਦਾ ਹੁੰਦਾ ਕਿ ਜਦੋਂ ਘਰ ਵਿੱਚ ਕਮਾਉਣ ਵਾਲਾ ਮੈਂ ਹਾਂ ਤੇ ਤੇਰਾ ਵੱਡਾ ਭਰਾ ਹੈ.ਤੈਨੂੰ ਕਦੇ ਪੈਸੇ ਦੀ ਕੋਈ ਕਮੀ ਰਹਿਣ ਦਿੰਨੇ ਐ,ਤੈਨੂੰ ਕੀ ਚਾਹੀਦਾ ਲੈ-ਲੈ,ਪਰ ਤੂੰ ਛੱਡ ਇਹ ਤੇ ਪੜਿਆ ਕਰ,ਕੋਈ ਚੰਗੀ ਨੌਕਰੀ ਮਿਲ ਜਾਊ,ਐਵੇਂ ਟੱਕਰਾਂ ਮਾਰੀ ਜਾਣੈ.ਪਰ ਸ਼ੌਂਕ ਦੇ ਸਾਹਮਣੇ ਇਹ ਗੱਲਾਂ ਕੀ ਮਾਇਨੇ ਰੱਖਦੀਆਂ ਤਾਂ ਹਾਥੀ ਵਾਂਗ ਮਸਤ ਚਾਲ ਚੱਲਦਿਆਂ ਆਪਣਾ ਕੰਮ ਕਰਦੇ ਰਹੇ.ਹਾਂ,ਲੋਕਾਂ ਦੀਆਂ ਗੱਲਾਂ ਸੁਣਕੇ ਮਨ ਬਹੁਤ ਉਦਾਸ ਹੁੰਦਾ ਕਿ ਯਾਰ ਤੈਨੂੰ ਪੈਸਾ ਕੋਈ ਮਿਲਦਾ ਨਹੀਂ,ਕੰਮ ਕਰੀ ਜਾਣੇ ਐ,ਹਾ,ਕਈ ਵਾਰ ਇਹ ਗੱਲ ਠੀਕ ਵੀ ਲੱਗਦੀ ਤੇ ਸੋਚਦਾ ਕਿੰਨਾ ਕੁ ਸਮਾਂ ਇੰਝ ਕੰਮ ਕਰਦੇ ਰਹਾਂਗੇ.ਘਰ ਦੇ ਵੀ ਆਉਂਦੇ ਸਾਲਾਂ ਨੂੰ ਪੈਸੇ ਭਾਲਣਗੇ.
ਆਖਿਰ ਦੋ ਕੁ ਸਾਲ ਉੱਧਰੋਂ ਕਾਲਜ 'ਚ ਪੜਦਿਆਂ ਅਤੇ ਇਧਰੋਂ ਸਾਡਾ ਹਫ਼ਤਾਵਾਰੀ ਅਖਬਾਰ 'ਅੱਜ ਦੀ ਲੋੜ' ਵੀ ਪ੍ਰਫੁਲਿੱਤ ਹੁੰਦਾ ਗਿਆ ਅਤੇ ਬਠਿੰਡਾ ਸ਼ਹਿਰ 'ਚ ਪਤਾ ਲੱਗਣ ਲੱਗਿਆ ਕਿ ਹਫ਼ਤਾਵਾਰੀ ਅਖਬਾਰ 'ਅੱਜ ਦੀ ਲੋੜ' ਵਧੀਆ ਅਖਬਾਰ ਵੱਜੋਂ ਉੱਭਰ ਰਿਹਾ ਹੈ.ਫ਼ਿਰ ਹਫ਼ਤੇ 'ਚ ਇੱਕ ਤੋਂ ਤਿੰਨ ਦਿਨ ਹੋਇਆ ਤਾਂ ਹੋਰ ਹੌਂਸਲਾ ਹੋਇਆ ਕਿ ਹੁਣ ਤਾਂ ਤਿੰਨ ਦਿਨ ਤੇ ਜਲਦ ਹੀ ਰੋਜ਼ਾਨਾ ਹੋ ਜਾਵੇਗਾ ਪਰ ਅਚਾਨਕ ਸੰਪਾਦਕ ਸਾਹਿਬ ਨੇ ਕਿਸੇ ਸਮੱਸਿਆ ਕਾਰਣ ਅਖਬਾਰ ਹੀ ਬੰਦ ਕਰ ਦਿੱਤਾ.ਹੁਣ ਸਵੇਰੇ ਕਾਲਜ ਜਾਂਦੇ, ਸ਼ਾਮ ਨੂੰ ਸਟੇਡੀਅਮ ਪਰ ਫ਼ਿਰ ਵੀ ਇੰਝ ਲੱਗਦਾ ਜਿਵੇਂ ਵਿਹਲੇ ਜਿਹੇ ਹੋ ਗਏ ਹੋਈਏ.
ਕਈ ਮਹੀਨੇ ਬੀਤ ਗਏ, ਉਧਰ ਬੀ.ਏ ਵੀ ਪੂਰ੍ਹੀ ਹੋ ਗਈ.ਹੁਣ ਮੈਂ ਘਰ ਬੈਠਾ ਰਹਿੰਦਾ ਤਾਂ ਇੰਝ ਲੱਗਦਾ ਕਿ ਅਖਬਾਰ ਬਿਨ੍ਹਾਂ ਤਾਂ ਦੁਨੀਆਂ ਹੀ ਸੁੰਨੀ ਹੋ ਗਈ ਹੋਵੇ.ਫ਼ਿਰ ਸੋਚਿਆ ਕੁੱਝ ਕਰੀਏ,ਘਰ ਬੈਠੇ ਕੀ ਬਣੇਗਾ.ਜ਼ਿੰਦਗੀ ਨੇ ਇੱਕ ਮੋੜ ਲਿਆ,ਮੈਂ ਕਚਹਿਰੀਆਂ ਵਿੱਚ ਕਿਸੇ ਵਕੀਲ ਕੋਲ ਬੈਠਣ ਦਾ ਫੈਸਲਾ ਕੀਤਾ.ਇੱਕ ਵਕੀਲ ਰਜਿੰਦਰ ਸ਼ਰਮਾਂ ਕੋਲ ਮੁਨੀਮ ਬਣ ਕੇ ਬੈਠਣ ਲੱਗਿਆ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਤੂੰ ਇੱਥੇ ਹੀ ਬੈਠਿਆ ਕਰ 'ਤੇ ਵਕੀਲੀ ਦਾ ਕੋਰਸ ਕਰ ਲੈ.ਲੱਗਿਆ ਕਿ ਹਾਂ ਇਹੀ ਠੀਕ ਰਹੇਗਾ.
ਇੰਗਲਿਸ਼ ਅਤੇ ਪੰਜਾਬੀ ਦੀ ਟਾਈਪ ਆਉਂਦੀ ਸੀ ਕੁੱਝ ਕੰਮ ਕਰ ਦਿੰਦੇ ਤਾਂ ਸ਼ਾਮ ਤੱਕ ਦਿਹਾੜੀ ਬਣ ਜਾਂਦੀ ਪਰ ਦਿਲ ਉੱਥੇ ਵੀ ਨਾ ਲੱਗਿਆ ਅਤੇ ਜੀਅ ਕੀਤਾ,ਅੱਗੇ ਪੜਿਆ ਜਾਵੇ ਅਤੇ ਪੱਤਰਕਾਰੀ ਦਾ ਕੋਰਸ ਹੀ ਕਰ ਲਈਏ,ਤਾਂ ਮੈਂ ਉੱਥੇ ਕਚਹਿਰੀਆਂ 'ਚੋਂ ਕੰਮ ਛੱਡਣ ਦਾ ਫੈਸਲਾ ਕੀਤਾ ਤਾਂ ਵਕੀਲ ਨੇ ਕਿਹਾ ਕਿ ਰਹਿਣਦੇ ਤੂੰ ਵਕੀਲੀ ਹੀ ਕਰ ਲੈ,ਚੰਗਾ ਰਹੇਂਗਾ,ਇੱਕ ਵਾਰ ਹਿਲ ਗਿਆ ਫ਼ਿਰ ਪਤਾ ਨਹੀਂ ਕੀ ਬਣੇਗਾ.ਪਰ ਕਿੱਥੇ.
ਉਨ੍ਹੀਂ ਦਿਨ੍ਹੀਂ ਹੀ ਇੱਕ ਦਿਨ 'ਅੱਜ ਦੀ ਅਵਾਜ਼' ਅਖਬਾਰ 'ਚ ਮੀਟਿੰਗ ਬਾਰੇ ਦੱਸਿਆ ਹੋਇਆ ਸੀ ਮੈਂ ਮੀਟਿੰਗ ਬਾਰੇ ਪੜਿਆ.ਤਾਂ ਮੀਟਿੰਗ ਵਾਲੀ ਜਗ੍ਹਾ ਤੇ ਪਹੁੰਚਿਆ ਅਤੇ ਸੋਚਿਆ,ਕਿ ਸ਼ਾਇਦ ਇਸ ਅਖਬਾਰ 'ਚ ਹੀ ਪੱਤਰਕਾਰੀ ਮਿਲ ਜਾਵੇ.ਮੀਟਿੰਗ 'ਚ ਐਪਲੀਕੇਸ਼ਨ ਦਿੱਤੀ ਤਾਂ ਉਨ੍ਹਾਂ ਖਬਰਾਂ ਭੇਜਣ ਲਈ ਕਹਿ ਦਿੱਤਾ.ਖਬਰਾਂ ਭੇਜੀਆਂ ਪਹਿਲਾਂ ਪਹਿਲ ਤਾਂ ਕੋਈ ਨਹੀਂ ਲੱਗੀ ਪਰ ਹਫ਼ਤੇ ਬਾਅਦ ਇੰਝ ਲੱਗਣ ਲੱਗੀਆਂ ਕਿ ਦਿਨ ਵਿੱਚ ਕਾਫ਼ੀ ਖਬਰਾਂ ਲੱਗਦੀਆਂ 'ਤੇ ਬਹੁਤ ਖੁਸ਼ੀ ਹੁੰਦੀ,ਅਖਬਾਰ ਵਾਲਿਆ ਨੇ ਪੱਤਰਕਾਰ ਬਣਾ ਹੀ ਲਿਆ ਪਰ ਪੱਤਰਕਾਰੀ ਦਾ ਖੇਤਰ ਅਜਿਹਾ ਹੈ ਕਿ ਜਿੱਥੇ ਇੰਝ ਨਹੀਂ ਪਤਾ ਕਿ ਕਦੋਂ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ.
ਇਸੇ ਤਰ੍ਹਾਂ ਬਹੁਤਿਆਂ ਨੇ ਢੰਗ ਡਾਈ ਕਿ ਬਠਿੰਡੇ ਤੋਂ ਤਾਂ ਮੈਂ ਹੀ ਪੱਤਰਕਾਰ ਬਣਾਂਗਾ ਪਰ ਕੰਮ ਕਰਦੇ ਚੱਲੇ ਗਏ.ਰੋਜ਼ਾਨਾ 'ਅੱਜ ਦੀ ਅਵਾਜ਼' ਅਖਬਾਰ 'ਚ ਕੰਮ ਕਰਦਿਆਂ ਬੜਾ ਹੀ ਮਜ਼ਾ ਆਇਆ ਅਤੇ ਪੂਰ੍ਹੀ ਤਨਦੇਹੀ ਨਾਲ ਕੰਮ ਕੀਤਾ ਹਾਲਾਂਕਿ ਪੈਸੇ ਇਸ ਵਿੱਚ ਵੀ ਖਰਚੇ ਪਾਣੀ ਜੋਗੀ ਹੀ ਮਿਲਦੇ ਸਨ ਪਰ ਜਦੋਂ ਫਰੰਟ ਪੇਜ਼ ਤੇ ਕਦੇ ਖਬਰ ਲੱਗਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਹਿੰਦਾ.
ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦਿਨ ਪੱਤਰਕਾਰੀ ਦੇ ਖੇਤਰ 'ਚ ਉਦੋਂ ਆਇਆ ਜਦ ਬਠਿੰਡਾ ਆਏ ਉਸ ਸਮੇਂ ਦੇ 'ਭਾਰਤ ਦੇ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ' ਦੀ ਖਬਰ ਬਾਏ ਨਾਮ ਫਰੰਟ 'ਤੇ ਲੀਡ ਲੱਗੀ,ਇਹ ਦਿਨ ਤਾਂ ਮੇਰੀ ਖੁਸ਼ੀ ਮੇਰੇ ਤੋਂ ਸੰਭਾਲੀ ਨਾ ਜਾਵੇ.ਕਈ ਦਿਨਾਂ ਤੱਕ ਇਹ ਖਬਰ ਮੈਨੂੰ ਉਂਝ ਹੀ ਖੁਸ਼ ਕਰਦੀ ਰਹੀ. ਹੁਣ ਲੱਗਿਆ ਮੈਟਰ ਨਾਲ ਹੀ ਹੋਰ ਅਖਬਾਰ 'ਚ ਵੀ ਭੇਜਿਆ ਕਰੀਏ.
ਹੁਣ ਦਿਲ ਕੀਤਾ ਕਿ ਸਿਰਸਾ ਤੋਂ ਚੱਲ ਰਹੇ ਅਖਬਾਰ 'ਸੱਚ ਕਹੂੰ' 'ਚ ਪੱਤਰਕਾਰ ਵੱਜੋਂ ਕੰਮ ਕਰੀਏ,ਸਿਰਸਾ ਸੰਪਾਦਕ ਜੀ ਪਾਸ ਗਇਆ,ਆਪਣਾ ਕੰਮ ਦਿਖਾਇਆ ਪਰ ਉਥੇ ਵੀ ਗੱਲ ਨਾ ਬਣੀ ਪਰ ਥੋੜੇ ਸਮੇਂ ਬਾਅਦ ਫ਼ਿਰ ਕੋਸ਼ਿਸ ਕੀਤੀ ਕਿ ਇਸ ਅਖਬਾਰ ਨਾਲ ਜੁੜਿਆ ਜਾਵੇ ਤਾਂ ਜੁੜੀਏ.ਤਾਂ ਅਗਲੀ ਵਾਰ ਸੰਪਾਦਕ ਸਾਹਿਬ ਨੇ ਕਿਹਾ ਕਿ ਤੂੰ ਖਬਰਾਂ ਭੇਜਿਆ ਕਰ,ਫ਼ਿਰ 'ਸੱਚ ਕਹੂੰ ਤੇ 'ਅੱਜ ਦੀ ਅਵਾਜ਼' ਦੋਨਾਂ ਅਖਬਾਰਾਂ ਨੂੰ ਹੀ ਖਬਰਾਂ ਭੇਜਣ ਲੱਗਿਆ.
ਇਹ ਅਖਬਾਰ ਤਾਂ ਦਿਲ ਨੂੰ ਅਜਿਹਾ ਲੱਗਿਆ ਕਿ ਪੂਰ੍ਹੀ ਤਨਦੇਹੀ ਨਾਲ ਕੰਮ ਕੀਤਾ.ਪਹਿਲਾਂ ਦੁਕਾਨਾਂ ਤੋਂ ਫੈਕਸਾਂ ਕੀਤੀਆਂ ਪਰ ਜਲਦ ਹੀ ਬਠਿੰਡਾ ਵਿਖੇ ਚੱਲ ਰਹੇ ਸਾਡੇ ਕੰਮ ਦੇਖਦਿਆਂ ਸੰਪਾਦਕ ਸਾਹਿਬ ਨੇ ਬਠਿੰਡਾ ਵਿੱਚ 'ਸੱਚ ਕਹੂੰ' ਦਾ ਸਬ ਆਫ਼ਿਸ ਬਨਾਉਣ ਲਈ ਕਹਿ ਦਿੱਤਾ,ਹੁਣ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਕਿਉਂਕਿ ਹੁਣ ਮੇਰਾ ਆਪਣੇ ਦਫ਼ਤਰ 'ਚ ਬੈਠਣ ਦਾ ਸੁੱਪਨਾ ਪੂਰ੍ਹਾ ਹੋਣ ਜਾ ਰਿਹਾ ਸੀ.ਬਹੁਤ ਸਮਾਂ ਹੋ ਗਿਆ ਸੀ,ਕਿ ਕਿਸੇ ਦੀ ਦੁਕਾਨ ਤੋਂ ਬਿਨ੍ਹਾਂ ਕੋਈ ਆਪਣਾ ਟਿਕਾਣਾ ਬਨਣ ਲੱਗਿਆ ਸੀ.ਸਾਡੇ ਦਫ਼ਤਰ ਦਾ ਉਦਘਾਟਨ ਹੋਇਆ ਅਤੇ ਸਾਨੂੰ ਬਠਿੰਡਾ ਅਤੇ ਮਾਨਸਾ ਦੋ ਜਿਲ੍ਹਿਆਂ ਦੇ ਪੇਜ਼ ਬਨਾਉਣ ਲਈ ਮਿਲੇ.
ਹੁਣ ਤਾਂ ਮੇਰੀਆਂ ਬਠਿੰਡਾ,ਮਾਨਸਾ ਪੇਜ਼ 'ਤੇ ਖਬਰਾਂ ਲੱਗਦੀਆਂ, ਗੱਡੀ ਰੁੱੜਦੀ-ਰੁੱੜਦੀ, ਤੇਜ਼ੀ ਨਾਲ ਰੁੱੜਨ ਲੱਗੀ ਹੁਣ ਮੈਨੂੰ ਮਹਿਸੂਸ ਹੋਣ ਲੱਗਾ ਕਿ ਹੁਣ ਤਾਂ ਮੇਰੇ ਇਸ ਖੇਤਰ 'ਚ ਪੈਰ ਲੱਗ ਹੀ ਜਾਣਗੇ.ਲਿਖਣ ਦਾ ਸ਼ੋਕ ਵੀ ਵੱਧਦਾ ਹੀ ਤੁਰਿਆ ਗਿਆ ਅਤੇ ਹੁਣ ਰਾਤ ਨੂੰ ਮੈਂ ਤੇ ਹੈਪੀ ਦੋਨੋਂ ਬੈਠ ਜਾਂਦੇ ਤਾਂ ਕਦੇ ਕੋਈ ਆਰਟੀਕਲ, ਫ਼ੀਚਰ ਜਾਂ ਕੋਈ ਨਿਊਜ਼ ਸਟੋਰੀ ਬਣਾਉਂਦੇ ਅਤੇ ਰੋਜ਼ਾਨਾ 'ਸੱਚ ਕਹੂੰ' 'ਚ ਕੰਮ ਕਰਦਿਆਂ ਕਰਦਿਆਂ ਪੰਜਾਬੀ ਅਖਬਾਰ ਪੰਜਾਬੀ ਟ੍ਰਿਬਿਊਨ, ਅੱਜ ਦੀ ਅਵਾਜ਼, ਮੈਗਜ਼ੀਨਾਂ ਨੂੰ ਆਰਟੀਕਲ, ਫ਼ੀਚਰ ਭੇਜਦੇ ਤਾਂ ਹੁਣ ਸਾਰੇ ਇਨ੍ਹਾਂ ਅਖਬਾਰਾਂ,ਮੈਗਜ਼ੀਨਾਂ 'ਚ ਜਿਨ੍ਹਾਂ ਮੈਟਰ ਅਸੀਂ ਲਿਖਦੇ ਸਾਰੇ ਦਾ ਸਾਰਾ ਪ੍ਰਕਾਸ਼ਤ ਹੁੰਦਾ ਅਤੇ ਕਈ ਅਖਬਾਰ ਤਾਂ ਲੱਗੇ ਫ਼ੀਚਰ,ਆਰਟੀਕਲਾਂ ਦੇ ਪੈਸੇ ਵੀ ਭੇਜਦੇ, ਹੁਣ ਪੱਤਰਕਾਰੀ ਦੇ ਖੇਤਰ 'ਚ ਆਪਣਾ ਭਵਿੱਖ ਉੱਜਲਿਆ-ਉੱਜਲਿਆ ਨਜ਼ਰ ਆਉਣ ਲੱਗਿਆ,'ਸੱਚ ਕਹੂੰ' ਨੇ ਵੀ ਬਹੁਤ ਪਹਿਚਾਣ ਬਣਵਾਈ.ਇਸ ਦੇ ਨਾਲ ਹੀ ਪੰਜਾਬੀ ਦੀ ਪ੍ਰਸਿੱਧ ਨਿਊਜ਼ ਏਜੰਸੀ 'ਵਿਸ਼ਵ ਵਾਰਤਾ' 'ਚ ਕੰਮ ਕਰਨ ਦਾ ਮੌਕਾ ਮਿਲਿਆ.ਏਜੰਸੀ ਨੂੰ ਨਿਊਜ਼ ਭੇਜਦੇ ਤਾਂ ਸਾਰੇ ਅਖਬਾਰਾਂ 'ਚ ਹੀ ਵਿਸ਼ਵ ਵਾਰਤਾ ਦੇ ਨਾਮ 'ਤੇ ਖਬਰਾਂ ਛੱਪਦੀਆਂ.
ਹੁਣ ਸੋਚਦੇ ਕਿ ਆਉਣ ਵਾਲੇ ਸਮੇਂ 'ਚ ਕੋਈ ਰਾਜ ਪੱਧਰੀਆਂ,ਨੈਸ਼ਨਲ ਜਾਂ ਇੰਟਰਨੈਸ਼ਨਲ ਖਬਰਾਂ ਬਨਾਉਣ ਲਈ ਕੋਈ ਚੰਗੇ ਵੱਡੇ ਨੈਸ਼ਨਲ ਮੈਗਜ਼ੀਨ, ਅਖਬਾਰ ਜਾਂ ਟੀਵੀ, ਰੇਡੀਓ (ਇਲੈਕਟ੍ਰੋਨਿਕ ਮੀਡੀਆ)ਵਿੱਚ ਕੰਮ ਕਰੀਏ ਜਾਂ ਕਿਸੇ ਵੈਬ ਜਰਨਲ ਲਿਜ਼ਮ (ਜਿਸ ਬਾਰੇ ਯੂਨੀਵਰਸਿਟੀ 'ਚ ਪੱਤਰਕਾਰੀ ਕੋਰਸ ਕਰਦਿਆਂ ਸੁਣਿਆ) ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚੋਂ ਕਿਸੇ ਦਾ ਤਜਰਬਾ ਲੈਣ ਲਈ ਚਾਹਤ ਸੀ ਪਰ ਅਚਾਨਕ ਇੱਕ ਦਿਨ ਸ਼ਾਮੀ ਦੋਸਤ ਸੁਧੀਰ ਦੁਆਰਾ ਪਤਾ ਚੱਲਿਆ ਕਿ ਇੰਦੌਰ 'ਚ ਇੱਕ ਪੌਰਟਲ ਲਈ ਵੈਬਦੁਨੀਆ.ਕਾਮ 'ਚ ਪੰਜਾਬੀ ਲਈ ਸਬ ਅਡੀਟਰਾਂ ਦੀ ਜਰੂਰਤ ਹੈ,ਆਪਾਂ ਉੱਥੇ ਨਾ ਚੱਲੀਏ, ਹੁਣ ਇੱਕ ਨਵੀਂ ਆਸ ਦੀ ਕਿਰਣ ਦਿੱਸਣ ਲੱਗੀ ਸੀ, ਮੈਂ ਵੀ ਬਾਇਓਡਾਟਾ ਭੇਜਿਆ ਤੇ ਸਲੈਕਸ਼ਨ ਹੋ ਗਈ. ਸਲੈਕਸ਼ਨ ਹੋਣ ਤੋਂ ਬਾਅਦ ਦਿਲ ਨਾ ਮੰਨਦਾ ਕਿ ਬਾਈ ਮਸਾਂ ਇੱਥੇ ਪੈਰ ਲੱਗੇ ਨੇ.ਹੁਣ ਸੈਟ ਹੋਏ ਹਾਂ ਪਰ ਫ਼ਿਰ ਪਤਾ ਨਹੀਂ ਕੀ ਬਣੇਗਾ.
ਯਾਰ, ਇੱਕ ਵਾਰ ਛੱਡ ਗਏ ਤਾਂ ਫ਼ਿਰ ਅੱਗੇ ਇੰਝ ਨਹੀਂ ਪਤਾ ਕਿ ਇੰਦੌਰ ਰਾਸ ਆਵੇ ਨਾ ਆਵੇ, ਪਤਾ ਨਹੀਂ, ਉੱਥੋਂ ਦਾ ਰਹਿਣ ਸਹਿਣ, ਖਾਣ ਪੀਣ, ਲੋਕ ਕਿਸ ਸੁਭਾਅ ਦੇ ਹੋਣਗੇ,ਅਜਿਹੇ ਦਿਲ ਵਿੱਚ ਸਵਾਲ ਉੱਠਣ ਲੱਗੇ.ਇਸ ਬਾਰੇ ਆਪਣੇ ਵੱਡੇ ਭਰਾ ਬਲਬੀਰ, ਬਾਪੂ, ਬੇਬੇ ਨਾਲ ਸਲਾਹ ਕੀਤੀ ਤਾਂ ਵੱਡੇ ਭਰਾ ਨੂੰ ਛੱਡ ਸਾਰਿਆਂ ਨੇ ਹੀ ਕਿਹਾ,ਤੂੰ ਇੱਥੇ ਸੈਟ ਐ,ਤੂੰ ਕੀ ਕਰਨਾ ਜਾ ਕੇ,ਇਨ੍ਹੇ ਵਿੱਚ ਰਾਤ ਨੂੰ ਬੈਠਿਆਂ ਵੱਡੇ ਬਾਈ ਬਲਬੀਰ ਨੇ ਇੰਦੌਰ ਫੋਨ ਲਗਾ ਲਿਆ ਕਿ ਤੂੰ ਪੁੱਛ ਕਿ ਹੈਪੀ ਵੀ ਆ ਜਾਵੇ ਤਾਂ ਆਪਣੇ ਭਰਾ ਬਾਰੇ ਵੀ ਪੁੱਛਿਆ ਤਾਂ ਇੰਦੌਰ ਤੋਂ ਉਨ੍ਹਾਂ ਕਿਹਾ ਕਿ ਦੋਨੋਂ ਹੀ ਆ ਜਾਓ.
ਬੱਸ ਫ਼ਿਰ ਕੀ ਸੀ ਮੇਰਾ ਤਾਂ ਹਾਲੇ ਦਿਲ ਮੰਨ ਹੀ ਨਹੀਂ ਰਿਹਾ ਸੀ ਕਿ ਨਾ ਯਾਰ ਨਹੀਂ ਜਾਂਦੇ ਪਰ ਵੱਡਾ ਬਾਈ ਬਲਬੀਰ ਕਿੱਥੇ ਗੱਲ ਸੁਣਦਾ ਸੀ ਉਹ ਤਾਂ ਹਰ ਵੇਲੇ ਕੋਈ ਵੀ ਨਵਾਂ ਕੰਮ ਵਿੱਢਣ ਨੂੰ ਤਿਆਰ ਹੀ ਰਹਿੰਦਾ,ਉਸ ਨੇ ਅਗਲੇ ਦਿਨ ਤਿੰਨ ਟਿਕਟਾਂ ਦੀ ਰਿਜ਼ਰਵੇਸ਼ਨ ਕਰਵਾ ਦਿੱਤੀ ਤੇ ਘਰ ਆ ਕੇ ਸ਼ਾਮੀਂ ਹੀ ਦੱਸਿਆ ਕਿ ਬਾਈ ਮੈਂ ਤਾਂ ਤਿੰਨ ਟਿਕਟਾਂ ਦੀ ਰਿਜ਼ਰਵੇਸ਼ਨ ਕਰਵਾਤੀ ਐ, 24 ਨੂੰ ਆਪਾਂ ਇੰਦੌਰ ਦੀ ਗੱਡੀ ਚੜ੍ਹਨਾ, ਬੱਸ ਆਪਣਾ ਬੋਰੀਆ ਬਿਸਤਰਾ ਬੰਨ੍ਹ ਲਓ,ਤੁਹਾਨੂੰ ਛੱਡ ਆਵਾਂ ਇੰਦੌਰ. ਹੁਣ ਘਰ ਬੈਠਿਆਂ ਰਾਤਾਂ ਕੱਢਣੀਆਂ ਔਖੀਆਂ ਹੋ ਗਈਆਂ.
ਯਾਰ,ਆਪਣਾ ਸਾਰਾ ਕੁੱਝ ਛੱਡ ਕੇ ਕਿੱਥੇ ਜਾ ਰਹੇ ਹਾਂ.ਰਾਤ ਨੂੰ ਮੈਂ ਤੇ ਹੈਪੀ ਤਾਂ ਕੰਪਿਊਟਰ ਤੇ ਗਾਣੇ ਲਗਾ ਕੇ ਆਪਸ 'ਚ ਇੰਦੌਰ ਬਾਰੇ ਗੱਲਾਂ ਕਰਦੇ ਹੀ ਰਾਤਾਂ ਲੰਘਾਈ ਗਏ.ਆਖਿਰ ਓਹ ਦਿਨ ਆ ਹੀ ਗਿਆ ਜਦ ਅਸੀਂ ਇੰਦੌਰ ਦੀ ਗੱਡੀ ਚੜ੍ਹਣਾ ਸੀ ਤਾਂ ਰਾਤ ਨੂੰ ਸਾਡੇ, ਚਾਚਿਆਂ ਦੇ ਘਰੋਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲੇ ਅਤੇ ਸਵੇਰੇ ਜਦੋਂ ਅਸੀਂ ਘਰੋਂ ਤਿੰਨੋ (ਮੈਂ, ਹੈਪੀ ਅਤੇ ਬਲਬੀਰ) ਘਰੋਂ ਤੁਰੇ ਤਾਂ ਗੇਟ 'ਚ ਖੜ੍ਹੀ ਬੇਬੇ,ਬਾਪੂ, ਚਾਚਾ,ਮਾਸੀ, ਭਾਬੀ, ਭੈਣ ਦੀਆਂ ਅੱਖਾਂ 'ਚੋਂ ਹੰਝੂ ਬਹਿ ਤੁਰੇ ਤਾਂ ਸਾਡੀਆਂ ਵੀ ਅੱਖਾਂ ਭਰ ਆਈਆਂ ਪਰ ਦਿਲ ਕਰੜਾ ਕਰਕੇ ਮੋਟਰਸਾਈਕਲ ਤੇ ਆ ਬੈਠੇ ਤਾਂ ਵੱਡੇ ਬਾਈ ਬਲਬੀਰ ਨੇ ਕਿਹਾ ਕਿ ਬਾਈ ਹੁਣ ਤਾਂ ਚੱਲੋ ਜਲਦੀ ਇੰਦੌਰ ਚੱਲੀਏ.
ਹੁਣ ਅਸੀਂ ਇੰਦੌਰ ਬਾਰੇ ਕਾਲਪਨਿਕ ਸੁਪਨੇ ਦੇਖਦੇ ਘਰੋਂ ਤੁਰ ਚੁੱਕੇ ਸੀ,ਉਨ੍ਹਾਂ ਅਣਜਾਨ ਰਾਹਾਂ,ਜ਼ਿੰਦਗੀ ਦੀਆਂ ਅਗਲੀਆਂ ਮੁਸ਼ਕਿਲਾਂ ਨੂੰ ਸਹਿਣ ਅਤੇ ਜ਼ਿੰਦਗੀ 'ਚ ਇੱਕ ਹੋਰ ਆਏ ਨਵੇਂ ਮੋੜ ਨੂੰ ਫਤਿਹ ਕਰਨ ਲਈ.ਇੰਦੌਰ ਪਹੁੰਚੇ ਸਾਰਾ ਕੁੱਝ ਨਵਾਂ-ਨਵਾਂ ਪ੍ਰਤੀਤ ਹੁੰਦਿਆਂ,ਅਸੀਂ ਚੱਲੋ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਹੀ ਲਈ, ਸਾਲ ਹੋਣ ਵਾਲਾ ਹੈ,ਹੁਣ ਦੇਖੋ ਆਉਣ ਵਾਲੇ ਭਵਿੱਖ 'ਚ ਇੰਦੌਰ ਦੀਆਂ ਰਾਹਾਂ,ਜ਼ਿੰਦਗੀ ਦਾ ਇਹ ਮੋੜ ਮੇਰਾ ਕਿੱਥੋਂ ਤੱਕ ਸਾਥ ਦੇਵੇਗਾ,ਜੋ ਇੰਦੌਰ 'ਚ ਆਪਣੇ ਕਾਲਪਨਿਕ ਸੁੱਪਨਿਆਂ ਨਾਲ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਕਦਮ ਵਧਾਇਆ ਸੀ,ਉਹ ਪੂਰ੍ਹਾ ਹੋਵੇਗਾ ਜਾਂ ਨਾਂ, ਅੱਗੇ ਤਾਂ ਇਹ ਆਉਣ ਵਾਲਾ ਭਵਿੱਖ ਹੀ ਦੱਸੇਗਾ ਕਿ ਕੀ ਬਣੇਗਾ.ਰੀਝਾਂ ਹਨ ਮਨ 'ਚ ਉਹਨਾਂ ਆਪਣੇ ਸੁੱਪਨਿਆਂ ਨੂੰ ਪੂਰ੍ਹਾ ਕਰਨ ਦੀਆਂ.ਬਾਕੀ ਮਿਲਾਂਗੇ ਫੇਰ.
ਹਰਕ੍ਰਿਸ਼ਨ ਸ਼ਰਮਾਂ